ਨਹਿਰ ਸੁੱਕੀ ਹੋਣ ਕਾਰਣ ਸਕੂਲੀ ਵਿਦਿਆਰਥੀਆਂ ਦਾ ਵਾਲ-ਵਾਲ ਬਚਾਅ
ਫਿਰੋਜ਼ਪੁਰ ਦੇ ਕੱਚਾ ਜੀਰਾ ਰੋਡ ‘ਤੇ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ, ਰਾਮਪੁਰਾ ਦੀ ਸਕੂਲ ਵੈਨ ਸ਼ਨੀਵਾਰ ਸਵੇਰੇ ਇੱਕ ਨਾਲੇ ਵਿੱਚ ਪਲਟ ਗਈ। ਵੈਨ ਦਾ ਡਰਾਈਵਰ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੂੰ ਸਕੂਲ ਲੈ ਜਾ ਰਿਹਾ ਸੀ। ਵੈਨ ਵਿੱਚ ਲਗਭਗ 30 ਬੱਚੇ ਸਨ। ਸਾਰੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪਲ-ਪਲ ਦੀ ਅੱਪਡੇਟ ਲੈ ਰਹੇ ਹਨ।

ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਫਿਰੋਜ਼ਪੁਰ ਨੇੜੇ ਹਸਤੀ ਵਾਲਾ ਪਿੰਡ ਨੇੜੇ 30 ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਸਕੂਲ ਬੱਸ ਪੁਲ ਤੋਂ ਪਲਟ ਗਈ ਅਤੇ ਸੁੱਕੀ ਨਹਿਰ ਵਿੱਚ ਡਿੱਗ ਗਈ। ਵਿਦਿਆਰਥੀਆਂ ਅਤੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਸਕੂਲ ਜਾ ਰਹੇ ਸਨ ਜਦੋਂ ਡਰਾਈਵਰ ਨੇ ਬੱਸ ਦਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਪੁਲ ਦੀ ਰੇਲਿੰਗ ਨੂੰ ਟੱਪ ਕੇ ਸੇਮ ਨਹਿਰ ਵਿੱਚ ਡਿੱਗ ਗਈ ਜੋ ਖੁਸ਼ਕਿਸਮਤੀ ਨਾਲ ਸੁੱਕੀ ਸੀ।
ਇਸ ਹਾਦਸੇ ਤੋਂ ਬਾਅਦ ਡਰਾਈਵਰ ਜੱਗਾ ਸਿੰਘ ਨੇ ਦੱਸਿਆ ਕਿ ਉਸਦੀ ਵੈਨ ਵਿੱਚ 30 ਬੱਚੇ ਸਨ। ਸਵੇਰੇ 7:00 ਵਜੇ ਉਹ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਿਵੇਂ ਹੀ ਵੈਨ ਨਾਲੇ ਦੇ ਉੱਪਰ ਵਾਲੇ ਪੁਲ ‘ਤੇ ਪਹੁੰਚੀ, ਵੈਨ ਦਾ ਪਹੀਆ ਲਹਿ ਗਿਆ ਤੇ ਵੈਨ ਪੁਲ ਤੋਂ ਸਿੱਧੀ ਨਾਲੇ ਵਿੱਚ ਡਿੱਗ ਪਈ। ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਡਰਾਈਵਰ ਨੇ ਕਿਹਾ ਕਿ ਉਹ ਵੈਨ ਬਹੁਤ ਹੌਲੀ ਚਲਾ ਰਿਹਾ ਸੀ ਤੇ ਇਸ ਲਈ ਉਸਦਾ ਕਾਫ਼ੀ ਬਚਾਅ ਹੋ ਗਿਆ।
ਬੱਚਿਆਂ ਦੀਆਂ ਚੀਕਾਂ ਸੁਣ ਕੇ, ਸਥਾਨਕ ਨਿਵਾਸੀ ਅਤੇ ਰਾਹਗੀਰ ਉਨ੍ਹਾਂ ਦੇ ਬਚਾਅ ਲਈ ਦੌੜੇ। ਉਨ੍ਹਾਂ ਨੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਕਾਮਯਾਬ ਰਹੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਕਿ ਜ਼ਿਲ੍ਹਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


