ਨਵਾਂਸ਼ਹਿਰ, 8 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸ. ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵੱਲੋਂ ਪਿੰਡ ਜਾਡਲਾ ਦੇ ਕਮਿਊਨਿਟੀ ਹਾਲ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਸਿਹਤ ਦਿਵਸ ਦਾ ਮੁੱਖ ਵਿਸ਼ਾ “ਸਿਹਤਮੰਦ ਸ਼ੁਰੂਆਤਾਂ, ਉੱਜਵਲ ਭਵਿੱਖ” ਸੀ। ਇਹ ਪ੍ਰੋਗਰਾਮ ਕਾਲਜ ਦੇ ਐਨ.ਐਸ.ਐਸ. ਯੂਨਿਟ, ਰੈੱਡ ਰਿਬਨ ਕਲੱਬ ਅਤੇ ਬੱਡੀ ਗਰੁੱਪ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ, ਜੋ ਕਿ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਗੀਤਾਂਜਲੀ ਸ਼ਰਮਾ ਅਤੇ ਇੰਚਾਰਜ ਸ਼੍ਰੀਮਤੀ ਪ੍ਰਿਆ ਬਾਵਾ ਦੀ ਦੇਖਰੇਖ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ। ਸਮਾਰੋਹ ਦੀ ਸ਼ੁਰੂਆਤ ਨਸ਼ਾ ਵਿਰੋਧੀ ਰੈਲੀ ਨਾਲ ਹੋਈ, ਜਿਸ ਵਿੱਚ ਲਗਭਗ 50 ਐਨ.ਐਸ.ਐਸ. ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰਿਆ ਬਾਵਾ ਨੇ ਕਾਲਜ ਦੇ ਵਿਦਿਆਰਥੀਆਂ ਦੀ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਜਾਡਲਾ ਪਿੰਡ ਦੇ ਕਮਿਊਨਿਟੀ ਹਾਲ ਲਈ ਰਵਾਨਾ ਕੀਤਾ। ਇਸ ਰੈਲੀ ਰਾਹੀਂ ਜਾਡਲਾ ਪਿੰਡ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਬਾਅਦ, ਜਾਡਲਾ ਪਿੰਡ ਦੇ ਕਮਿਊਨਿਟੀ ਹਾਲ ਵਿੱਚ ਇੱਕ ਸਿਹਤ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸਦੀ ਅਗਵਾਈ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸੋਨੀਆ ਨੇ ਕੀਤੀ। ਸੈਮੀਨਾਰ ਵਿੱਚ ਸਰੀਰਕ ਅਤੇ ਮਾਨਸਿਕ ਸਿਹਤ ਅਤੇ ਸਵੱਛ ਭਾਰਤ ਆਦਿ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ‘ਤੇ ਐਨ.ਐਸ.ਐਸ. ਵਲੰਟੀਅਰਾਂ ਦੁਆਰਾ ਜਾਡਲਾ ਪਿੰਡ ਦੀਆਂ ਔਰਤਾਂ ਨੂੰ ਸੈਨੇਟਰੀ ਪੈਡ ਵੀ ਵੰਡੇ ਗਏ, ਜਿਸਦਾ ਉਦੇਸ਼ ਮਾਹਵਾਰੀ ਸਵੱਛਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਉੱਦਮ ਵਿੱਚ ਮਹਿਲਾ ਭਲਾਈ ਵਿਭਾਗ ਤੋਂ ਸੁਨੀਤਾ ਮੱਖਣ ਵੀ ਹਾਜ਼ਰ ਸਨ, ਜਿਨ੍ਹਾਂ ਨੇ ਐਨ.ਐਸ.ਐਸ. ਵਲੰਟੀਅਰਾਂ ਦੇ ਇਸ ਸ਼ਲਾਘਾਯੋਗ ਯਤਨ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਕਾਲਜ ਦੇ ਸਹਾਇਕ ਪ੍ਰੋਫੈਸਰ ਪ੍ਰਿਯੰਕਾ ਪ੍ਰਜਾਪਤੀ, ਜਸਵਿੰਦਰ ਰੱਲ, ਨੇਹਾ ਰਾਣੀ, ਹਰਿੰਦਰਜੀਤ ਸਿੰਘ, ਪਰਮਜੀਤ ਕੌਰ ਦੇ ਨਾਲ ਕਾਲਜ ਦੇ ਸਾਰੇ ਐਨ.ਐਸ.ਐਸ. ਵਲੰਟੀਅਰ ਹਾਜ਼ਰ ਸਨ।


