ਬਲਾਚੌਰ 18 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰਾਂ ਡਾਵਾਂਡੋਲ ਹੋ ਚੁੱਕੀ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਕਾਂਗਰਸ ਵੱਲੋਂ ਪੱਤਰਕਾਰ ਭਾਈਚਾਰੇ ਨਾਲ ਕੀਤੇ ਗਏ। ਅਜੇ ਮੰਗੂਪੁਰ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਨਸ਼ੇ ਦਾ ਪ੍ਰਸਾਰ ਵੱਧਦਾ ਹੀ ਜਾ ਰਿਹੈ ਅਤੇ ਨਸ਼ੇ ਕਾਰਨ ਮੌਤਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਆਪ ਸਰਕਾਰ ਜਿਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਂਦਿਆਂ ਹੀ ਪੰਜਾਬ ਵਿੱਚੋੰ ਨਸ਼ਾ ਜੜੋਂ ਖਤਮ ਕਰ ਦਿੱਤਾ ਜਾਵੇਗਾ ਪਰ ਸੱਤਾ ਦਾ ਆਨੰਦ ਲੈਂਦਿਆਂ ਸ਼ਾਇਦ ਇਹ ਵਾਅਦਾ ਕਿੱਧਰੇ ਅਲੋਪ ਹੋ ਗਿਆ ਜਾਪਦੈ। ਜਿਲੇ ਅੰਦਰ ਲੁੱਟ ਖੋਹ, ਕਤਲੇਆਮ ਦੀਆਂ ਖ਼ਬਰਾਂ ਅਖਬਾਰ ਵਿੱਚ ਪੜਨਾਂ ਰੋਜ਼ਾਨਾ ਰੁਟੀਨ ਦਾ ਹਿੱਸਾ ਬਣ ਚੁੱਕਿਆ। ਬੀਤੇ ਦਿਨੀ ਹਲਕਾ ਬਲਾਚੌਰ ਤੋਂ ਇੱਕ ਕੁੜੀ ਨਾਲ ਜਬਰ-ਜ਼ੁਲਮ ਦੀ ਘਟਣਾ ਸਾਹਮਣੇ ਆਈ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਹੈ। 24 ਘੰਟੇ ਲੰਘਣ ਤੋਂ ਬਾਅਦ ਵੀ ਪੀੜਤਾ ਦੇ ਪਰਿਵਾਰ ਨਾਲ ਕੋਈ ਵੀ ਅਧਿਕਾਰੀ ਪੁਲਿਸ ਵਿਭਾਗ ਵੱਲੋਂ ਤਫਤੀਸ਼ ਲਈ ਨਹੀ ਪਹੁੰਚਿਆ। ਆਪ ਸਰਕਾਰ ਦੀ ਪ੍ਰਸ਼ਾਸਨ ਉੱਤੇ ਢਿੱਲ ਕਰਕੇ ਹੀ ਅਪਰਾਧੀਆਂ ਦੇ ਹੋਸਲੇ ਬੁਲੰਦ ਹੋ ਰਹੇ ਹਨ। ਅਜੇ ਮੰਗੂਪੁਰ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਤਾੜਦਿਆਂ ਕਾਨੂੰਨ ਵਿਵਸਥਾ ਦੀ ਵਿਗੜੀ ਹਾਲਤ ਨੂੰ ਸੁਧਾਰਨ ਲਈ ਸਲਾਹ ਦਿੱਤੀ।


